ਬਰਜਿੰਦਰ ਬਰਾੜ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਵੰਡੇ ਰਾਹਤ ਸਮਾਨ, ਹੋਰ ਮਦਦ ਦਾ ਭਰੋਸਾ
ਦ ਬੀਟਸ ਨਿਊਜ਼ ਨੈਟਵਰਕ
ਧਰਮਕੋਟ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਬਰਾੜ ਨੇ ਹਲਕਾ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕੇ ਪੀੜਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਵੰਡ ਕੇ ਉਨ੍ਹਾਂ ਦੀ ਸਹਾਇਤਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਯਕੀਨ ਦਿਵਾਇਆ ਕਿ ਅਕਾਲੀ ਦਲ ਦੀਆਂ ਟੀਮਾਂ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਸੰਭਵ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀਆਂ ਹਨ।
ਬਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਤਲੁਜ ਦਰਿਆ ਵਿੱਚ ਵਧਦੇ ਦਬਾਅ ਅਤੇ ਭਾਰੀ ਮੀਂਹ ਕਾਰਨ ਕਈ ਪਿੰਡਾਂ ਵਿੱਚ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਅਤੇ ਪਸ਼ੂਆਂ ਦਾ ਚਾਰਾ ਬਰਬਾਦ ਹੋ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਦੀ ਟੀਮ ਵੱਲੋਂ ਪੀੜਤ ਪਰਿਵਾਰਾਂ ਤੱਕ ਸਾਫ ਪੀਣ ਵਾਲਾ ਪਾਣੀ, ਤਰਪਾਲਾਂ, ਖਾਣ-ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰੀ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਧਰਮਕੋਟ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਸਰਕਾਰੀ ਰਾਹਤ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ, ਤਾਂ ਜੋ ਪੀੜਤ ਪਰਿਵਾਰਾਂ ਨੂੰ ਲੰਬੇ ਸਮੇਂ ਲਈ ਸਹਾਇਤਾ ਮਿਲ ਸਕੇ।
ਇਸ ਮੌਕੇ ਜ਼ੋਗਿੰਦਰ ਸਿੰਘ ਪੱਪੂ ਕਾਹਨੇਵਾਲਾ, ਜਸਵਿੰਦਰ ਸਿੰਘ ਮਨੈਸ ਖੰਭੇ, ਨੰਬਰਦਾਰ ਨਛੱਤਰ ਸਿੰਘ ਢੋਲਣੀਆਂ, ਮਨਫੂਲ ਸਿੰਘ ਲਾਡੀ ਮਸਤੇਵਾਲਾ, ਗੁਰਜੰਟ ਸਿੰਘ ਨੰਬਰਦਾਰ, ਚਮਕੌਰ ਸਿੰਘ ਮੋਗੇ ਵਾਲਾ, ਮੇਜਰ ਸਿੰਘ ਰਊਵਾਲਾ, ਸਾਬਕਾ ਸਰਪੰਚ ਰਣਜੀਤ ਸਿੰਘ ਰਾਣਾ ਡਾਇਰੈਕਟਰ, ਗੁਰਜੰਟ ਸਿੰਘ ਚਾਹਲ, ਤੇਜਿੰਦਰ ਸਿੰਘ ਗਿੱਲ, ਜਸਵੀਰ ਸਿੰਘ, ਜਤਿੰਦਰ ਸਿੰਘ, ਗੁਰਜੰਟ ਸਿੰਘ, ਇਕਬਾਲਦੀਪ ਸਿੰਘ ਹੈਰੀ ਸਮੇਤ ਕਈ ਅਕਾਲੀ ਆਗੂ ਹਾਜ਼ਰ ਸਨ। ਸਾਰੇ ਆਗੂਆਂ ਨੇ ਮਿਲ ਕੇ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਜਾਰੀ ਰੱਖਣ ਅਤੇ ਰਾਹਤ ਕਾਰਜਾਂ ਨੂੰ ਹੋਰ ਤੇਜ਼ ਕਰਨ ਦਾ ਸੰਕਲਪ ਲਿਆ।
ਇਸ ਰਾਹਤ ਮੁਹਿੰਮ ਨੇ ਹੜ੍ਹ ਪੀੜਤ ਪਰਿਵਾਰਾਂ ਵਿੱਚ ਆਸ ਦੀ ਨਵੀਂ ਕਿਰਨ ਜਗਾਈ ਹੈ। ਪਿੰਡ ਵਾਸੀਆਂ ਨੇ ਬਰਜਿੰਦਰ ਸਿੰਘ ਬਰਾੜ ਅਤੇ ਅਕਾਲੀ ਦਲ ਦੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
thebeats news network 7087570105